ਸ਼ਾਹ ਮੁਹੰਮਦ ਦੀ ਸਭਿਆਚਾਰਕ ਚੇਤਨਾ ਸਰੋਤ : ਸ਼ਾਹ ਮੁਹੰਮਦ ਜੀਵਨ ਤੇ ਰਚਨਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਤਕਰਾ

ਸ਼ਾਹ ਮੁਹੰਮਦ ਅਤੇ ਉਸ ਦਾ ਯੁੱਗ

ਸ਼ਾਹ ਮੁਹੰਮਦ ਦੀ ਇਤਿਹਾਸਿਕ ਚੇਤਨਾ

ਸ਼ਾਹ ਮੁਹੰਮਦ ਦੀ ਸਿਆਸੀ ਚੇਤਨਾ

ਸ਼ਾਹ ਮੁਹੰਮਦ ਦੀ ਸਭਿਆਚਾਰਕ ਚੇਤਨਾ

ਜੰਗਨਾਮਾ ਸ਼ਾਹ ਮੁਹੰਮਦ-ਸਾਹਿਤਿਕ ਪਰਿਪੇਖ

ਜੰਗਨਾਮਾ ਸ਼ਾਹ ਮੁਹੰਮਦ-ਵਿਧਾ ਦੀ ਸਮੱਸਿਆ

ਸ਼ਾਹ ਮੁਹੰਮਦ ਦਾ ਪੰਜਾਬੀ ਜੰਗਨਾਮਾ ਸਾਹਿਤ ਵਿਚ ਸਥਾਨ

ਮੂਲ-ਪਾਠ

ਸਹਾਇਕ ਪੁਸਤਕ-ਸੂਚੀ

ਸ਼ਾਹ ਮੁਹੰਮਦ ਦੀ ਸਭਿਆਚਾਰਕ ਚੇਤਨਾ

 

ਜੰਗਨਾਮਾ ਸ਼ਾਹ ਮੁਹੰਮਦ ਨੂੰ ਗਹੁ ਨਾਲ ਪੜ੍ਹਨ ਮਗਰੋਂ ਸ਼ਾਹ-ਮੁਹੰਮਦ ਮੈਨੂੰ ਪੰਜਾਬੀ ਸੁਭਾਓ ਦੇ ਸਾਧਾਰਣ ਚਿਤੇਰੇ ਨਾਲੋਂ ਕੁਝ ਵਡੇਰੇ ਅਰਥਾਂ ਨੂੰ ਪ੍ਰਾਪਤ ਹੋਣ ਵਾਲਾ ਪੰਜਾਬੀ ਕਵੀ ਪ੍ਰਤੀਤ ਹੋਇਆ ਹੈ।

-ਡਾ. ਗੁਰਦੇਵ ਸਿੰਘ , ਜੰਗਨਾਮਾ : ਸਰੂਪ, ਸਿਧਾਂਤ ਤੇ ਵਿਕਾਸ

ਜਦੋਂ ਤੋਂ ਮਨੁੱਖੀ ਇਤਿਹਾਸ ਹੋਂਦ ਵਿਚ ਆਇਆ ਹੈ, ਉਦੋਂ ਤੋਂ ਹੀ ਸਮਾਜ ਵਿਚ ਦੋ ਮੁੱਖ ਵਰਗਾਂ ਦੀ ਹੋਂਦ ਰਹੀ ਹੈ। ਇਕ ਵਰਗ ਜਨ-ਸਧਾਰਨ (ਲੋਕ ਵਰਗ) ਦਾ ਹੁੰਦਾ ਹੈ ਦੂਸਰਾ ਵਿਸ਼ਿਸ਼ਟ ਵਰਗ ਦਾ। ਵੈਦਿਕ ਕਾਲ ਤੋਂ ਅਰੰਭ ਹੋ ਕੇ ਭਾਰਤ ਦੀ ਸਭਿਆਚਾਰਕ ਪਰੰਪਰਾ ਵਿਚ ਦੋ ਤਰ੍ਹਾਂ ਦੇ ਸਭਿਆਚਾਰ ਦ੍ਰਿਸ਼ਟੀਗੋਚਰ ਹੁੰਦੇ ਹਨ। ਇਹ ਦੋਵੇਂ ਸਭਿਆਚਾਰ ਇਕ ਦੂਸਰੇ ਦੇ ਸਮਾਨਾਂਤਰ ਹੀ ਨਹੀਂ ਚਲਦੇ ਬਲਕਿ ਸਮੇਂ-ਸਮੇਂ ਅਨੁਸਾਰ ਇਕ ਦੂਸਰੇ ਵਿਚ ਰਲਦੇ-ਮਿਲਦੇ ਅਤੇ ਇਕ-ਦੂਸਰੇ ਨੂੰ ਪ੍ਰਭਾਵਿਤ ਵੀ ਕਰਦੇ ਹਨ। ਇਸ ਤਰ੍ਹਾਂ ਹਰ ਸਮਾਜ ਵਿਚ ਲੋਕ ਸਭਿਆਚਾਰ ਦਾ ਘੇਰਾ ਬਹੁਤ ਵਿਸ਼ਾਲ ਹੁੰਦਾ ਹੈ। ਕਿਸੇ ਸਮਾਜ ਦੇ ਲੋਕ-ਸਮੂਹ ਦਾ ਵੱਡਾ ਹਿੱਸਾ ਇਸ ਲੋਕ ਸਭਿਆਚਾਰ ਅੰਦਰ ਰਹਿ ਕੇ ਜਿਊੁਣ-ਜੋਗਾ ਹੁੰਦਾ ਹੈ, ਜਦੋਂ ਕਿ ਵਿਸ਼ਿਸ਼ਟ ਵਰਗ ਅਲਪ ਸੰਖਿਅਕ ਹੁੰਦਾ ਹੈ। ਵਸ਼ਿਸ਼ਟ ਵਰਗ, ਜਨ ਸਾਧਾਰਣ ਦੀ ਪੱਧਰ ਉੱਪਰ ਵਿਚਰ ਕੇ, ਉਨ੍ਹਾਂ ਦੀ ਬੋਲੀ ਨੂੰ ਅਪਨਾ ਕੇ ਅਤੇ ਉਨ੍ਹਾਂ ਦੇ ਸਭਿਆਚਾਰ ਨਾਲ ਇਕ-ਮਿਕ ਹੋ ਕੇ ਕੋਈ ਗੱਲ ਆਮ ਜਨਤਾ ਨੂੰ ਕਹਿੰਦਾ ਹੈ। ਅਜਿਹਾ ਕਰਦਿਆਂ ਵਿਸ਼ਿਸ਼ਟ ਵਰਗ ਦੇ ਆਚਾਰ-ਵਿਹਾਰ, ਰੀਤੀ-ਰਿਵਾਜ , ਵਹਿਮ-ਭਰਮ, ਮੰਨਣ-ਵਿਸ਼ਵਾਸ ਜਾਂ ਸੰਸਕ੍ਰਿਤਿਕ ਵਰਤਾਰੇ ਦੇ ਹੋਰ ਅੰਗ ਸਹਿਜ ਸੁਭਾਅ ਹੀ ਸਮੁੱਚੇ ਸਮਾਜ ਦੇ ਸਭਿਆਚਾਰ ਵਿਚ ਆਤਮਸਾਤ ਹੋ ਜਾਂਦੇ ਹਨ। ਪ੍ਰਸਿੱਧ ਮਾਰਕਸੀ ਚਿੰਤਕ ਗ੍ਰਾਮਸ਼ੀ ਇਸ ਨੂੰ ਹਾਕਮ ਜਮਾਤਾਂ ਦੁਆਰਾ ਸਮੁੱਚੇ ਸਮਾਜ ਉੱਪਰ ਥੋਪੀ ਗਈ ‘ਵਿਚਾਰਧਾਰਕ ਸਰਦਾਰੀ’ (Ideological Hegemony) ਕਹਿੰਦਾ ਹੈ। ਸ਼ਾਹ ਮੁਹੰਮਦ ਦੁਆਰਾ ਰਚਿਤ ਜੰਗਨਾਮੇ ਵਿਚ ਆਪਣੇ ਸਮੇਂ ਦੇ ਲੋਕ ਸਭਿਆਚਾਰ ਦੇ ਝਲਕਾਰੇ ਥਾਂ-ਥਾਂ ਵੇਖਣ ਨੂੰ ਮਿਲਦੇ ਹਨ। ਇਸ ਵਿਚ ਪੇਸ਼ ਹੋਏ ਜਨ-ਸਧਾਰਣ ਦੇ ਵਹਿਮ-ਭਰਮ, ਰੀਤੀ-ਰਿਵਾਜ, ਵਿਸ਼ਵਾਸ, ਆਚਾਰ-ਵਿਵਹਾਰ, ਪਹਿਰਾਵਾ , ਰਿਸ਼ਤੇ-ਨਾਤੇ ਆਦਿ ਆਪਣੇ ਸਮੇਂ ਦੇ ਲੋਕ ਸਭਿਆਚਾਰ ਦੀ ਗਵਾਹੀ ਭਰਦੇ ਹਨ। ਸ਼ਾਹ ਮੁੰਹਮਦ ਦੁਆਰਾ ਰਚਿਤ ਇਸ ਜੰਗਨਾਮੇ ਵਿਚ ਅਸੀਂ ਪੰਜਾਬੀ ਸਭਿਆਚਾਰ ਦੇ ਹੇਠ ਲਿਖੇ ਪ੍ਰਮੁੱਖ ਪੱਖਾਂ ਨੂੰ ਵੇਖ ਸਕਦੇ ਹਾਂ :

(1) ਰਿਸ਼ਤਾਨਾਤਾ ਪ੍ਰਣਾਲੀ

(2) ਵਿਸ਼ਵਾਸ ਅਤੇ ਰਸਮਾਂ

(3) ਸ਼ਿਲਪ ਅਤੇ ਧੰਦੇ

      (4) ਭਾਸ਼ਾ ਅਤੇ ਲੋਕ ਉਚਾਰਨ

ਸ਼ਾਹ ਮੁਹੰਮਦ ਦੇ ਸਮੇਂ ਦੇ ਮੱਧਕਾਲੀਨ ਪੰਜਾਬੀ ਸਭਿਆਚਾਰ ਦੇ ਸੰਬੰਧ ਵਿਚ ਵੱਖ-ਵੱਖ ਵਿਦਵਾਨਾਂ ਦੇ ਵਿਕੋਲਿਤਰੇ ਵਿਚਾਰ ਹਨ। ਕਈ ਵਿਦਵਾਨਾਂ ਨੇ ਇਸ ਨੂੰ ਜਗੀਰੂ ਸੱਭਿਆਚਾਰ ਦਾ ਨਾਂ ਦਿੱਤਾ ਹੈ ਅਤੇ ਕਈਆਂ ਨੇ ਇਸ ਨੂੰ ‘ਕਬਾਇਲੀ ਤੇ ਪੰਚਾਇਤੀ’ ਸਭਿਆਚਾਰ ਕਿਹਾ ਹੈ। ਕਾਰਲ ਮਾਰਸ ਨੇ ਵੀ ਸਮੁੱਚੇ ਭਾਰਤੀ ਸਮਾਜ ਨੂੰ ‘ਏਸ਼ੀਆਈ ਸਮਾਜ’ ਦਾ ਨਾਂ ਦਿੱਤਾ ਸੀ। ਇਸ ਦੇ ਬਾਵਜੂਦ ਸਮੁੱਚੇ ਪੰਜਾਬੀ ਸਭਿਆਚਾਰ ਨੂੰ ਸਮਝਣ ਵਿਚ ਸਾਡੇ ਵਿਦਵਾਨਾਂ ਦੀ ਸਮੱਸਿਆ ਰਹੀ ਹੈ ਕਿਉਂਕਿ ਉਨ੍ਹਾਂ ਦੀਆਂ ਲਿਖਤਾਂ ਵਿਚ ਸਭਿਆਚਾਰਕ ਸਮੁੱਚ ਦੀ ਮੁਕੰਮਲ ਤਸਵੀਰ ਦ੍ਰਿਸ਼ਟੀਗੋਚਰ ਨਹੀਂ ਹੁੰਦੀ। ਪੰਜਾਬੀ ਸਭਿਆਚਾਰ ਵਿਸ਼ਵ ਅਤੇ ਭਾਰਤ ਦੇ ਬਾਕੀ ਸਭਿਆਚਾਰਾਂ ਨਾਲੋਂ ਕਈ ਗੱਲਾਂ ਕਰਕੇ ਭਿੰਨ ਹੀ ਨਹੀਂ, ਬਲਕਿ ਬਿਲਕੁਲ ਵੱਖਰਾ ਵੀ ਹੈ। ਮੱਧਕਾਲੀਨ ਪੰਜਾਬੀ ਸਮਾਜ ਦੀ ਵਰਗ-ਵੰਡ, ਜਾਤੀ-ਵੰਡ ਅਤੇ ਵੱਖ-ਵੱਖ ਧਰਮਾਂ ਦੀ ਵੰਡ ਇਕ ਦੂਜੀ ਨੂੰ ਜਿਥੇ ਪੁਸ਼ਟ ਕਰਦੀਆਂ ਹਨ, ਉਥੇ ਇਕ ਦੂਜੀ ਨੂੰ ਕਟਦੀਆਂ ਵੀ ਹਨ। ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮੇ ਵਿਚ ਪੰਜਾਬੀ ਸਭਿਆਚਾਰ ਦੀਆਂ ਇਹਨਾਂ ਵੱਖ-ਵੱਖ ਵੰਡਾਂ ਨੂੰ ਬਹੁਤ ਹੀ ਯਥਾਰਥਵਾਦੀ ਅਤੇ ਕਲਾਤਮਿਕ ਢੰਗ ਨਾਲ ਪੇਸ਼ ਕਰਨ ਦਾ ਯਤਨ ਕੀਤਾ ਹੈ। ਇਹੋ ਕਾਰਨ ਹੈ ਕਿ ਇਹ ਪੰਜਾਬੀ ਸੁਭਾਅ ਤੇ ਸਭਿਆਚਾਰ ਨੂੰ ਚਿੱਤਰਨ ਵਾਲੀ ਪ੍ਰਸਿੱਧ ਕ੍ਰਿਤ ਮੰਨੀ ਜਾਂਦੀ ਹੈ। ਡਾ. ਗੁਰਦੇਵ ਸਿੰਘ ਅਨੁਸਾਰ “ਸ਼ਾਹ ਮੁਹੰਮਦ ਦੇ ਵੇਲੇ ਦੇ ਪੰਜਾਬ ਵਿਚ ਤਿੰਨ ਮੁੱਖ ਸਭਿਆਚਾਰਕ ਸਮੂਹਾਂ ਦੀ ਪ੍ਰਤੀਤੀ ਹੁੰਦੀ ਹੈਹਿੰਦੂ, ਮੁਸਲਮਾਨ ਤੇ ਸਿੱਖ ਸਭਿਆਚਾਰਾਂ ਦੇ ਸਮੂਹਾਂ ਦੀਜਿੰਨ੍ਹਾਂ ਵਿਚਲਾ ਅੰਤ੍ਰ-ਕਾਰਜ (ਇੰਟਰਐਕਸ਼ਨ) ਇਨ੍ਹਾਂ ਨੂੰ ਇਕ ਦੂਜੇ ਨਾਲ ਜੋੜਦਾ ਵੀ ਹੈ ਅਤੇ ਇਕ ਦੂਜੇ ਨਾਲੋਂ ਨਿਖੇੜਦਾ ਵੀ ਹੈ।”1

ਇਹੋ ਕਾਰਨ ਹੈ ਕਿ ਸ਼ਾਹ ਮੁਹੰਮਦ ਤਤਕਾਲੀਨ ਪੰਜਾਬ ਦੇ ਹਿੰਦੂ, ਸਿੱਖ ਤੇ ਮੁਸਲਮਾਨ ਸਭਿਆਚਾਰਾਂ ਦੀ ਆਪਸੀ ਸਹਿਹੋਂਦ ਦੀ ਭਾਵਨਾ ਨੂੰ ਸਥਾਪਿਤ ਕਰਨ ਦਾ ਯਤਨ ਕਰਦਾ ਹੈ। ਆਪਣੀ ਅਜਿਹੀ ਸੋਚ ਦੇ ਸਿੱਟੇ ਵਜੋਂ ਉਹ ਅੰਗਰੇਜ਼ ਸਾਮਰਾਜਵਾਦ ਨੂੰ ‘ਤੀਸਰੀ ਜ਼ਾਤ’ ਕਹਿੰਦਾ ਹੈ। ਇਸ ਦਾ ਕਾਰਨ ਇਹ ਵੀ ਹੈ ਕਿ ਸ਼ਾਹ ਮੁਹੰਮਦ ਨੂੰ ਡਰ ਹੈ ਕਿ ਅੰਗਰੇਜ਼ ਸਾਮਰਾਜਵਾਦ ਆਪਣੇ ਹਿਤਾਂ ਨੂੰ ਸੁਰੱਖਿਅਤ ਰੱਖਣ ਲਈ ਇਹਨਾਂ ਤਿੰਨਾਂ ਸਭਿਆਚਾਰਾਂ ਦੇ ਨਵੇਂ ਉਸਰ ਰਹੇ ‘ਸਾਂਝੇ ਸਭਿਆਚਾਰ’ ਲਈ ਖ਼ਤਰਾ ਪੈਦਾ ਕਰ ਦੇਵੇਗਾ ਅਤੇ ਪੰਜਾਬ ਦੀ ਧਰਮ ਨਿਰਪੱਖਤਾ ਅੰਗਰੇਜ਼ਾਂ ਦੇ ਆਉਣ ਨਾਲ ਤਹਿਸ-ਨਹਿਸ ਹੋ ਜਾਵੇਗੀ। ਸ਼ਾਹ ਮੁਹੰਮਦ ਵੇਖ ਚੁੱਕਾ ਸੀ ਕਿ ਰਣਜੀਤ ਸਿੰਘ ਦੇ ਰਾਜਕਾਲ ਦੌਰਾਨ ਪੰਜਾਬ ਵਿਚ ਸਾਂਝੇ-ਸਭਿਆਚਾਰ ਅਤੇ ਧਰਮ-ਨਿਰਪੱਖਤਾ ਦੀ ਪਕੜ ਪਿਛਲੇ ਸਮਿਆਂ ਨਾਲੋਂ ਕਾਫ਼ੀ ਮਜ਼ਬੂਤ ਹੋਈ ਸੀ। ਭਾਵੇਂ ਉਸ ਸਮੇਂ ਵੀ ਆਪਸੀ ਸ਼ਰੀਕੇਦਾਰੀ ਦੀਆਂ ਭਾਵਨਾਵਾਂ ਲੋਕ ਜੀਵਨ ਦਾ ਇਕ ਉੱਘੜਵਾਂ ਲੱਛਣ ਸਨ, ਇਸ ਦੇ ਬਾਵਜੂਦ ਰਣਜੀਤ ਸਿੰਘ ਦੇ ਰਾਜਕਾਲ ਦੌਰਾਨ ਹਿੰਦੂ, ਸਿੱਖ ਅਤੇ ਮੁਸਲਮਾਨ ਸਭਿਆਚਾਰ ਵਾਲੇ ਲੋਕਾਂ ਨੂੰ ਰਾਜ ਵਿਚ ਵੱਡੀਆਂ ਪਦਵੀਆਂ ਹਾਸਲ ਸਨ। ਇਸ ਸਾਂਝੇ ਸਭਿਆਚਾਰ ਦੇ ਟੁੱਟਣ ਦੇ ਤੌਖ਼ਲੇ ਵਜੋਂ ਹੀ ਸ਼ਾਹ ਮੁਹੰਮਦ ਹੇਠ ਲਿਖੇ ਵਿਚਾਰ ਪੇਸ਼ ਕਰਦਾ ਹੈ :

ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ,

ਸਿਰਾਂ ਦੋਹਾਂ ਦੇ ਉੱਤੇ ਆਫ਼ਾਤ ਆਈ।

ਾਹ ਮੁਹੰਮਦਾ ਵਿਚ ਪੰਜਾਬ ਦੇ ਜੀ,

      ਦੇ ਨਹੀਂ ਸੀ ਤੀਸਰੀ ਜ਼ਾਤ ਆਈ। 3

ਸ਼ਾਹ ਮੁਹੰਮਦ ਨੇ ਮੁੱਖ ਤੌਰ’ਤੇ ਤਤਕਾਲੀਨ ਪੰਜਾਬ ਦੇ ਪਿੰਡ ਦੀ ਆਤਮ ਨਿਰਭਰ (self dependent) ਇਕਾਈ ਨੂੰ ਪ੍ਰਸਤੁਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਦਾ ਕਾਰਨ ਇਹ ਹੈ ਕਿ ਰਣਜੀਤ ਸਿੰਘ ਦੇ ਰਾਜਕਾਲ ਤੋਂ ਪਹਿਲਾਂ ਕਿਸੇ ਵੀ ਰਾਜ ਪਲਟੇ ਦਾ ਲੋਕ ਜੀਵਨ ਉੱਪਰ ਬਹੁਤਾ ਅਸਰ ਨਹੀਂ ਸੀ ਪੈਂਦਾ। ਉਦਾਹਰਨ ਦੇ ਤੌਰ’ਤੇ ਰਣਜੀਤ ਸਿੰਘ ਤੋਂ ਪਹਿਲਾਂ ਭਾਵੇਂ ਮੁਗ਼ਲਾਂ ਦਾ ਰਾਜ ਸਥਾਪਿਤ ਸੀ ਪਰ ਰਣਜੀਤ ਸਿੰਘ ਦੇ ਆਉਣ ਨਾਲ ਵੀ ਉਹੀ ਜਗੀਰੂ ਢਾਂਚਾ ਕਾਇਮ ਰਿਹਾ ਸੀ। ਪਹਿਲਾਂ ਵਾਂਗ ਹੀ ਜ਼ਾਤ-ਪਾਤ ਅਤੇ ਜਮਾਤੀ ਵਿਤਕਰੇ ਕਾਇਮ ਸਨ। ਇਸ ਦੇ ਬਾਵਜੂਦ ਰਣਜੀਤ ਸਿੰਘ ਨੇ ਗ਼ੈਰ-ਫ਼ਿਰਕੂ ਨੀਤੀ ਅਪਣਾਈ ਹੋਣ ਕਾਰਨ ਪੰਜਾਬ ਵਿਚ ਹਿੰਦੂ ਅਤੇ ਮੁਸਲਮਾਨ ਧਰਮ ਦੇ ਲੋਕ ਆਪਸੀ ਮਿਲਵਰਤਨ ਨਾਲ ਰਹਿੰਦੇ ਸਨ। ਸਿੱਖ ਭਾਈਚਾਰੇ ਨੂੰ ਮੁਗ਼ਲਾਂ ਦੁਆਰਾ ਕੀਤੀਆਂ ਜ਼ਿਆਦਤੀਆਂ ਭੁੱਲ ਚੁੱਕੀਆਂ ਸਨ ਅਤੇ ਮੁਸਲਮਾਨਾਂ ਵਿਚ ਵੀ ਸਿੱਖਾਂ ਪ੍ਰਤੀ ਕੋਈ ਨਫ਼ਰਤ ਦੀ ਭਾਵਨਾ ਨਹੀਂ ਸੀ। ਸਭ ਧਰਮਾਂ ਦੇ ਲੋਕ ਆਪਣੇ-ਆਪਣੇ ਸਭਿਆਚਾਰਾਂ ਮੁਤਾਬਿਕ ਆਪਣਾ ਜੀਵਨ ਜਿਊੁਂਦੇ ਸਨ। ਪੰਜਾਬ ਵਿਚ ਇਕ ਸਾਂਝਾ ਸਭਿਆਚਾਰ ਪੈਦਾ ਹੋਣ ਕਾਰਨ ਮਸੀਤਾਂ, ਮੰਦਰਾਂ ਤੇ ਗੁਰਦੁਆਰਿਆਂ ਵਿਚ ਕੁਰਾਨ, ਗੀਤਾ  ਅਤੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਪੜ੍ਹੇ ਜਾਂਦੇ ਸਨ। ਪੰਜਾਬ ਦੇ ਲੋਕ ਵਲੀਆਂ, ਦਰਗਾਹਾਂ, ਖ਼ਾਨਗਾਹਾਂ ਅਤੇ ਇਤਿਹਾਸਿਕ ਸਥਾਨਾਂ ਦਾ ਸਾਂਝੇ ਤੌਰ’ਤੇ ਆਦਰ ਤੇ ਸਤਿਕਾਰ ਕਰਦੇ ਸਨ। ਸਭ ਜਾਤੀਆਂ ਅਤੇ ਧਰਮਾਂ ਦੇ ਲੋਕ ਵੱਖ-ਵੱਖ ਤਿਉਹਾਰ ਸਾਂਝੇ ਤੌਰ’ਤੇ ਮਨਾਉਂਦੇ ਸਨ। ਪੰਜਾਬੀ ਸਮਾਜ ਵੱਖ-ਵੱਖ ਜਮਾਤਾਂ ਵਿਚ ਵੰਡਿਆ ਹੋਇਆ ਹੋਣ ਕਾਰਨ ਦਰਬਾਰਾਂ ਤੇ ਸਰਦਾਰਾਂ ਦੀਆਂ ਡਿਓਢੀਆਂ ਵਿਚ ਮੁਜਰੇ ਤੇ ਰੰਗ ਤਮਾਸ਼ੇ ਆਮ ਹੁੰਦੇ ਸਨ। ਦੁੂਜੇ ਪਾਸੇ ਆਮ ਅਤੇ ਗਰੀਬ ਲੋਕ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰਦੇ ਸਨ। ਪੰਜਾਬ ਦੀ ਇਸ ਤਤਕਾਲੀਨ ਸਥਿਤੀ ਦੇ ਸੰਬੰਧ ਵਿਚ ਪ੍ਰੋ. ਕਿਸ਼ਨ ਸਿੰਘ ਲਿਖਦੇ ਹਨ :

ਜਦੋਂ ਸਟੇਟ ਦੀ ਤਾਕਤ ਹੱਥ ਆਉਣ ਦਾ ਸਮਾਂ ਆਇਆ, (ਸਿੱਖ) ਲਹਿਰ ਦਾ ਜੁੱਸਾ ਜਮਾਤੀ ਤੌਰ’ਤੇ ਅੰਦਰੋਂ ਵਿਗੜਿਆ। ਗੁਰੀਲਾ ਲੀਡਰ ਸਰਦਾਰ ਬਣ ਬੈਠਾ। ਮਨੁੱਖ ਦੀ ਬਣਤਰ ਬਦਲੀ, ਗੁਰਮੁੱਖ ਤੋਂ ਉਹ ਮਨਮੁੱਖ ਹੋ ਗਿਆ। ਉਸ ਨੇ ਗੁਰਬਾਣੀ ਦੇ ਅਰਥ , ਕਲਚਰ ਵਿਗਾੜ ਕੇ ਆਪਣੇ ਅਨੁਸਾਰੀ ਕਰ ਲਏ। ਗੁਰਬਾਣੀ ਵਿਚ ਆਪਣੇ ਹਿਤ ਦੇ ਅਰਥ ਪਾ ਲਏ। ਜਦੋਂ ਸਟੇਟ ਦੀ ਤਾਕਤ ਹੱਥ ਆਈ ਤਾਂ ਉਸ ਦਾ ਫਿਊਡਲ ਬਣ ਜਾਣਾ ਲਾਜ਼ਮੀ ਸੀ। ਮਿਸਲਾਂ ਤੇ ਰਣਜੀਤ ਸਿੰਘ ਦੀ ਸਟੇਟ ਫਿਊਡਲ ਸੀ।2 

ਇਸ ਦੇ ਬਾਵਜੂਦ ਰਣਜੀਤ ਸਿੰਘ ਦੇ ਰਾਜ ਕਾਲ ਦੌਰਾਨ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਵਿਚਕਾਰ ਪਹਿਲੇ ਸਮਿਆਂ ਨਾਲੋਂ ਵੱਧ ਆਪਸੀ ਪਿਆਰ ਤੇ ਭਾਈਚਾਰੇ ਦੀ ਭਾਵਨਾ ਸੀ। ਸ਼ਾਹ ਮੁਹੰਮਦ ਜਦੋਂ ਪੰਜਾਬ ਦੀ ਪੇਂਡੂ ਲੋਕਾਈ ਦੇ ਪੈਂਤੜੇ ਤੋਂ ਜੰਗਨਾਮੇ ਦੇ ਵਿਸ਼ਾ-ਵਸਤੂ ਨੂੰ ਪੇਸ਼ ਕਰਦਾ ਹੈ ਤਾਂ ਅਸਲ ਵਿਚ ਇਹ ਉਸ ਦੇ ਸਭਿਆਚਾਰਕ ਅਵਚੇਤਨ ਦਾ ਸਾਰ ਹੀ ਕਿਹਾ ਜਾ ਸਕਦਾ ਹੈ। ਕਵੀ ਦੇ ਇਸ ਸਭਿਆਚਾਰਕ ਅਵਚੇਤਨ ਸਦਕਾ ਹੀ ਜੰਗਨਾਮੇ ਵਿਚ ਪੰਜਾਬ ਦੀ ਪੇਂਡੂ ਜਨਤਾ ਹਿੰਦੂ ਤੇ ਮੁਸਲਮਾਨ ਧਰਮ ਦੇ ਲੋਕਾਂ ਦਾ ਸਮੂਹ ਹੈ, ਜਿਸ ਵਿਚ ਸਿੱਖ ਧਰਮ ਦੇ ਲੋਕ ਰਾਜਸੱਤਾ ਦੇ ਅਲੰਬਰਦਾਰ ਹਨ। ਕਵੀ ਅਨੁਸਾਰ ਹਿੰਦੂਆਂ ਤੇ ਮੁਸਲਮਾਨਾਂ ਨੂੰ ਸਿੱਖ ਧਰਮ ਦੀ ਰਾਜਸੱਤਾ ਦੀ ਅਤੇ ਸਿੱਖਾਂ ਨੂੰ ਉਹਨਾਂ ਦੀ ਸਭਿਆਚਾਰਕ ਪਛਾਣ ਦੀ ਪ੍ਰਵਾਨਗੀ ਹਾਸਲ ਹੈ। ਇਸ ਸੰਬੰਧ ਵਿਚ ਡਾ. ਤੇਜਵੰਤ ਸਿੰਘ ਗਿੱਲ ਦੇ ਵਿਚਾਰ ਮਹੱਤਵਪੂਰਨ ਹਨ ਕਿ “ਇਤਿਹਾਸਿਕ ਵਸਤੂ ਜਗਤ ਨੂੰ ਗੰਭੀਰ ਸਾਹਿਤਕ ਜੁਗਤਾਂ ਰਾਹੀਂ ਸਿਰਜਣ ਲਈ ਸ਼ਾਹ ਮੁਹੰਮਦ ਨੇ ਸਭਿਆਚਾਰਕ ਸਰੋਕਾਰਾਂ ਨੂੰ ਅਜਿਹੇ ਪਰਿਪੇਖ ਵਜੋਂ ਵਰਤਿਆ ਹੈ, ਜੋ ਚਿਹਨਾਂ ਵਿਚ ਰੂਪਾਂਤਰਿਤ ਹੋ ਕੇ ਇਸ ਰਚਨਾ ਦੇ ਪਾਠ ਵਿਚ ਨਿਹਿਤ ਹੋ ਜਾਂਦਾ ਹੈ। ਇਸ ਤਰ੍ਹਾਂ ਇਤਿਹਾਸਿਕ ਵਸਤੂ-ਜਗਤ ਅਤੇ ਵਿਸ਼ਾ-ਵਸਤੂ ਵਿਚ ਇਸ ਦਾ ਰੂਪਾਂਤਰਣ ਅਤੇ ਸਾਹਿਤਕ ਜੁਗਤਾਂ ਅਤੇ ਉਨ੍ਹਾਂ ਦੇ ਸਭਿਆਚਾਰਕ ਚਿਹਨਾਂ ਦਾ ਪਰਿਵਰਤਨ ਅਜਿਹੀਆਂ ਕ੍ਰਿਆਵਾਂ ਹਨ ਜੋ ਸੰਬੰਧਤ ਹੀ ਨਹੀਂ ਸਗੋਂ ਅੰਤਰ ਸੰਬੰਧਤ ਹਨ ਅਤੇ ਇਹ ਸਮੁੱਚੀ ਪ੍ਰਕ੍ਰਿਰਿਆ ਦਾ ਅੰਗ ਹਨ।”3

ਸਪੱਸ਼ਟ ਹੈ ਕਿ ਸ਼ਾਹ ਮੁਹੰਮਦ ਰਣਜੀਤ ਸਿੰਘ ਦੇ ਰਾਜ ਕਾਲ ਦੇ ਸਮੇਂ ਪੈਦਾ ਹੋਏ ਸਾਂਝੇ ਹਿੰਦੂ-ਮੁਸਲਮਾਨ ਸਭਿਆਚਾਰ ਦਾ ਉਪਾਸ਼ਕ ਹੈ। ਉਸ ਨੇ ਸਿੱਧੇ ਜਾਂ ਅਸਿੱਧੇ ਤੌਰ’ਤੇ ਪੰਜਾਬੀ ਸਭਿਆਚਾਰ ਵਿਚ ਹੋਣ ਜਾ ਰਹੇ ਬਦਲਾਅ ਨੂੰ ਬਾਖ਼ੂਬੀ ਚਿੱਤਰਿਆ ਹੈ। ਇਸ ਸੰਬੰਧ ਵਿਚ ਹੇਠ ਲਿਖੀਆਂ ਸਤਰਾਂ ਧਿਆਨ ਦੀ ਮੰਗ ਕਰਦੀਆਂ ਹਨ :

ਰੱਬ ਚਾਹੇ ਤਾਂ ਕਰੇਗਾ ਮਿਹਰਬਾਨੀ,

ੋਇਆ ਸਿੰਘਾਂ ਦਾ ਕੰਮ ਅਰਾਸਤਾ ਈ।

ੱਡੀ ਸਾਂਝ ਹੈ ਹਿੰਦੂਆਂ ਮੁਸਲਮਾਨਾਂ,

      ਨ੍ਹ੍ਹਾਂ ਨਾਲ ਨਾ ਕਿਸੇ ਦਾ ਵਾਸਤਾ ਈ। 103

ਉਪਰੋਕਤ ਤੋਂ ਇਲਾਵਾ ਸ਼ਾਹ ਮੁਹੰਮਦ ਨੇ ਪੰਜਾਬੀਆਂ ਦੇ ਸਮਾਜਿਕ ਰਿਸ਼ਤਿਆਂ ਨੂੰ ਵੀ ਪੇਸ਼ ਕਰਨ ਦਾ ਯਤਨ ਕੀਤਾ ਹੈ। ਉਦਾਹਰਨ ਦੇ ਤੌਰ’ਤੇ ਭੈਣ ਭਰਾ ਦੇ ਰਿਸ਼ਤੇ ਨੂੰ ਉਹ ਰਾਣੀ ਜਿੰਦ ਕੌਰ ਅਤੇ ਜਵਾਹਰ ਸਿੰਘ ਦੇ ਸੰਬੰਧਾਂ ਰਾਹੀਂ ਪੇਸ਼ ਕਰਦਾ ਹੈ। ਜਿਸ ਸਮੇਂ ਜਵਾਹਰ ਸਿੰਘ ਦਾ ਕਤਲ ਹੋ ਜਾਂਦਾ ਹੈ, ਉਸ ਸਮੇਂ ਰਾਣੀ ਜਿੰਦ ਕੌਰ ਦੀ ਜੋ ਮਨੋਦਿਸ਼ਾ ਹੁੰਦੀ ਹੈ ਉਸ ਤੋਂ ਸਾਨੂੰ ਭੈਣ-ਭਰਾ ਦੇ ਰਿਸ਼ਤੇ ਦਾ ਇਹਸਾਸ ਹੋ ਜਾਂਦਾ ਹੈ। ਜੰਗਨਾਮੇ ਦੀਆਂ ਹੇਠ ਲਿਖੀਆਂ ਸਤਰਾਂ ਭੈਣ-ਭਰਾ ਦੇ ਆਪਸੀ ਪਿਆਰ ਨੂੰ ਬੜੀ ਖ਼ੂਬਸੂਰਤੀ ਨਾਲ ਪ੍ਰਸਤੁਤ ਕਰਦੀਆਂ ਹਨ :

ਪਈ ਝੂਰਦੀ ਏ ਰਾਣੀ ਜਿੰਦ ਕੋਰਾਂ,

ਕਿਥੋਂ ਕੱਢਾਂ ਮੈਂ ਕਲਗੀਆਂ ਨਿੱਤ ਤੋੜੇ।

ੇਰੇ ਸਾਮ੍ਹਣੇ ਕੋਹਿਆ ਏ ਵੀਰ ਮੇਰਾ,

ਜਿਸਦੀ ਤਾਬਿਆ ਲੱਖ ਹਜ਼ਾਰ ਘੋੜੇ।

ਕਿਥੋਂ ਕੱਢਾਂ ਮੈਂ ਦੇਸ ਫਿਰੰਗੀਆਂ ਦਾ,

ੋਈ ਮਿਲੇ ਜੋ ਇਨ੍ਹਾਂ (ਦਾ) ਗਰਬ ਤੋੜੇ।

ਾਹ ਮੁਹੰਮਦਾ ਓਸ ਥੀਂ ਜਾਨ ਵਾਰਾਂ,

      ਵਾਹਰ ਸਿੰਘ ਦਾ ਵੈਰ ਜੇ ਕਈ ਮੋੜੇ। 44

ਭੈਣ-ਭਰਾ ਦੇ ਰਿਸ਼ਤੇ ਤੋਂ ਇਲਾਵਾ ਪੰਜਾਬੀ ਸਭਿਆਚਾਰ ਵਿਚ ਮਾਂ-ਪੁੱਤ ਤੇ ਪਤੀ-ਪਤਨੀ ਦੇ ਰਿਸ਼ਤਿਆਂ ਨੂੰ ਵੀ ਪ੍ਰਮੁੱਖਤਾ ਦਿੱਤੀ ਗਈ ਹੈ। ਸ਼ਾਹ ਮੁਹੰਮਦ ਨੇ ਮਾਂ-ਪੁੱਤ ਅਤੇ ਪਤੀ-ਪਤਨੀ ਦੇ ਰਿਸ਼ਤਿਆ ਨੂੰ ਉਜਾਗਰ ਕਰਨ ਦਾ ਯਤਨ ਵੀ ਕੀਤਾ ਹੈ। ਜੰਗਨਾਮੇ ਦੀਆ ਹੇਠ ਲਿਖੀਆਂ ਸਤਰਾਂ ਵਿਚ ਸ਼ਾਹ ਮੁਹੰਮਦ ਜਿਥੇ ਮਾਂ-ਪੁੱਤ ਦੇ ਪਿਆਰ ਨੂੰ ਪ੍ਰਸਤੁਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਥੇ ਆਪਣੇ ਯੁੱਗ ਵਿਚ ਉਹ ਪਤੀ ਦੇ ਮਰਨ’ਤੇ ਪਤਨੀ ਦੀ ਤਰਸਯੋਗ ਹਾਲਤ ਨੂੰ ਵੀ ਰੂਪਮਾਨ ਕਰਦਾ ਹੈ :

ਕਈ ਮਾਵਾਂ ਦੇ ਪੁੱਤਰ ਨੇ ਮੋਏ ਉਥੇ,

ੀਨੇ ਲੱਗੀਆਂ ਤੇਜ਼ ਕਟਾਰੀਆਂ ਨੀ।

ਜਿਨ੍ਹਾਂ ਭੈਣਾਂ ਨੂੰ ਵੀਰ ਨਾ ਮਿਲੇ ਮੁੜ ਕੇ,

ਈਆਂ ਰੋਂਦੀਆਂ ਫਿਰਨ ਵਿਚਾਰੀਆਂ ਨੀ।

ੰਗੇ ਜਿਨ੍ਹਾਂ ਦੇ ਸਿਰਾਂ ਦੇ ਮੋਏ ਵਾਲੀ,

ੁੱਲ੍ਹੇ ਵਾਲ ਤੇ ਫਿਰਨ ਵਿਚਾਰੀਆਂ ਨੀ।

ਾਹ ਮੁਹੰਮਦਾ ਬਹੁਤ ਸਰਦਾਰ ਮਾਰੇ,

      ਈਆਂ ਰਾਜ ਦੇ ਵਿਚ ਖੁਆਰੀਆਂ ਨੀ। 94

ਰਿਸ਼ਤੇ-ਨਾਤੇ ਤੋਂ ਇਲਾਵਾ ਪਹਿਰਾਵਾ ਵੀ ਸਭਿਆਚਾਰ ਦਾ ਪ੍ਰਮੁੱਖ ਅੰਗ ਮੰਨਿਆ ਜਾਂਦਾ ਹੈ। ਪੰਜਾਬੀ ਪਹਿਰਾਵੇ ਵਿਚ ਵੀ ਪੰਜਾਬੀ ਗਹਿਣਿਆਂ ਦਾ ਵਿਸ਼ੇਸ਼ ਮਹੱਤਵ ਹੈ। ਸ਼ਾਹ ਮੁਹੰਮਦ ਨੇ ਪੰਜਾਬੀ ਪਹਿਰਾਵੇ ਵਿਚ ਪੈਜ਼ਾਰ (ਜੁੱਤੀ), ਕੈਂਠਾਂ, ਬੁਦਕੀਆਂ, ਨੱਥ , ਚੌਕ, ਵਾਲੀਆਂ, ਡੰਡੀਆਂ, ਤਗ਼ਾਦੜ, ਕਲਗੀਆਂ, ਤਿੱਲੇਦਾਰ, ਰੇਸ਼ਮੀ ਡੋਰੀਆਂ ਆਦਿ ਪੰਜਾਬੀ ਗਹਿਣਿਆਂ ਤੇ ਵਸਤੂਆਂ ਨੂੰ ਬੜੀ ਖ਼ੂਬਸੂਰਤੀ ਨਾਲ ਪ੍ਰਸਤੁਤ ਕੀਤਾ ਹੈ। ਇਸ ਸੰਬੰਧ ਵਿਚ ਕੁਝ ਬੰਦ ਵੇਖੇ ਜਾ ਸਕਦੇ ਹਨ:

(ੳ) ਸ਼ਾਹ ਮੁਹੰਮਦਾ ਲਵਾਂਗੇ ਫੇਰ ਕੈਂਠੇ,

       ਤਿੱਲੇਦਾਰ ਜੋ ਰੇਸ਼ਮੀ ਡੋਰੀਆਂ ਨੀ। 59

(ਅ) ਲੈ ਕੇ ਬੁਤਕੀਆਂ ਚਾ ਗਲ ਪਾਂਵਦੇ ਨੀ। 37

(ੲ) ਕੈਂਠੇ, ਕੜੇ ਇਨਾਮ ਰੁਪਏ ਬਾਰਾਂ। 40

(ਸ) ਕਿਥੋਂ ਕੱਢਾਂ ਮੈਂ ਕਲਗੀਆਂ ਨਿੱਤ ਤੋੜੇ। 44

(ਹ) ਚੂੜੇ ਲਹਿਣਗੇ ਬਹੁਤ ਸੁਹਾਗਣਾਂ ਦੇ,

       ਨੱਥ, ਚੌਕ ਤੇ ਵਾਲੀਆਂ ਡੰਡੀਆਂ ਨੀ। 46

(ਕ) ਮੇਰੇ ਗਲੋਂ ਤਗਾਦੜੇ ਲਾਹਵਣੀਗੇ। 48

     (ਖ)ਵੰਗਾਂ ਪਹਿਨ ਕੇ ਬੈਠੀਆਂ ਨਹੀਂ ਕੁੜੀਆਂ। 61

ਸ਼ਾਹ ਮੁਹੰਮਦ ਦੁਆਰਾ ਰਚਿਤ ਇਸ ਜੰਗਨਾਮੇ ਵਿਚ ਆਦਿਮ ਭਾਵਾਂ, ਵਿਸ਼ਵਾਸ਼ਾਂ ਅਤੇ ਧਾਰਨਾਵਾਂ ਦੀ ਸਹਿਜ ਅਭਿਵਿਅਕਤੀ ਹੋਈ ਹੈ। ਉਹ ਇਤਿਹਾਸ, ਅਰਧ-ਇਤਿਹਾਸ ਅਤੇ ਲੋਕ-ਸਾਹਿਤ ਆਦਿ ਵਿਚੋਂ ਪਾਤਰ ਚੁਣ ਕੇ ਮਿੱਥਿਕ ਵਿਧੀ ਅਤੇ ਮਿੱਥਿਕ ਰੂੜ੍ਹੀਆਂ ਦੀ ਵਰਤੋਂ ਕਰਦਾ ਹੈ। ਮਿੱਥ ਦੀ ਸ਼ੈਲੀ-ਕ੍ਰਿਤ ਵਰਤੋਂ ਕਰਦਿਆਂ ਉਹ ਸਦਾਦ, ਨਮਰੂਦ, ਫਿਰਊਨ, ਅਕਬਰ ਸ਼ਾਹ ਆਦਿ ਨੂੰ ਆਪਣੇ ਕਾਵਿ ਦਾ ਆਧਾਰ ਬਣਾਉਂਦਾ ਹੈ। ਉਦਾਹਰਨ ਦੇ ਤੌਰ’ਤੇ ਹੇਠ ਲਿਖੇ ਬੰਦ ਵਿਚ ਉਹ ਮੱਧਯੁਗੀ ਚੇਤਨਾ ਦੀ ਵਰਤੋਂ ਕਰਦਾ ਹੋਇਆ ਲਿਖਦਾ ਹੈ :

ਇਹ ਜੱਗ ਸਰਾਇ ਮੁਸਾਫ਼ਰਾਂ ਦੀ,

ਥੇ ਜ਼ੋਰ ਵਾਲੇ ਕਈ ਆਇ ਗਏ।

ਦਾਦ ਨਮਰੂਦ ਫਿਰਊਨ ਜਹੇ,

ਾਵ੍ਹਾ ਬੰਨ ਖ਼ੁਦਾਇ ਕਹਾਇ ਗਏ।

ਕਬਰ ਸ਼ਾਹ ਜੇਹੇ ਵਿਚ ਦਿੱਲੀ ਦੇ ਜੀ,

ੇਰੀ ਵਾਂਗ ਵਣਜਾਰਿਆਂ ਪਾਇ ਗਏ।

ਾਹ ਮੁਹੰਮਦਾ ਰਹੇਗਾ ਰੱਬ ਸੱਚਾ,

      ਾਜੇ ਕੂੜ ਦੇ ਕਈ ਵਜਾਏ ਗਏ। 4

ਸ਼ਾਹ ਮੁਹੰਮਦ ਪੰਜਾਬੀ ਲੋਕਮਨ ਨੂੰ ਬੜੀ ਖ਼ੂਬਸੂਰਤੀ ਨਾਲ ਪਕੜਨ ਦਾ ਯਤਨ ਕਰਦਾ ਹੋਇਆ ਪੰਜਾਬ ਦੇ ਲੋਕ-ਨਾਇਕਾਂ ਜਿਵੇਂ ਦੁੱਲਾ ਭੱਟੀ , ਜੈਮਲ ਫੱਤਾ, ਮੀਰ ਦਾਦ ਚੌਹਾਨ ਆਦਿ ਨੂੰ ਬੜੀ ਸ਼ਰਧਾ ਤੇ ਸਤਿਕਾਰ ਨਾਲ ਚਿੱਤਰਦਾ ਹੈ। ਇਸ ਤਰ੍ਹਾਂ ਕਰਦਾ ਹੋਇਆ ਸ਼ਾਹ ਮੁਹੰਮਦ ਵੱਖ-ਵੱਖ ਪਾਤਰਾਂ ਨੂੰ ਪ੍ਰਤੀਕਾਂ ਤੇ ਰੂਪਕਾਂ ਵਜੋਂ ਵਰਤਦਾ ਹੋਇਆ ਨਵੇਂ ਅਰਥ ਸੰਚਾਰਿਤ ਕਰਨ ਦੇ ਯਤਨ ਕਰਦਾ ਹੈ। ਹੇਠ ਲਿਖੀਆਂ ਸਤਰਾਂ ਤੋਂ ਇਹ ਗੱਲ ਬਿਲਕੁਲ ਸਪੱਸ਼ਟ ਹੋ ਜਾਂਦੀ ਹੈ :

ਦੁੱਲੇ ਭੱਟੀ ਨੂੰ ਗਾਂਵਦਾ ਜੱਗ ਸਾਰਾ,

ੈਮਲ ਫੱਤੇ ਦੀਆਂ ਵਾਰਾਂ ਸਾਰੀਆਂ ਨੀ।

ੀਰ ਦਾਦ ਚੌਹਾਨ ਦੇ ਸੱਤਰ ਅੰਦਰ,

ੋਈਆਂ ਰਾਣੀਆਂ ਮਾਰ ਕਟਾਰੀਆਂ ਨੀ।

ੰਧਾਵਾਲੀਆਂ ਜੇਹੀ ਨਾ ਕਿਸੇ ਕੀਤੀ,

ੇਗ਼ਾਂ ਵਿਚ ਦਰਬਾਰ ਦੇ ਮਾਰੀਆਂ ਨੀ।

ਾਹ ਮੁਹੰਮਦਾ ਮੋਏ ਨੀ ਬੀਰ ਹੋ ਕੇ,

      ਾਨਾਂ ਕੀਤੀਆਂ ਨਹੀਂ ਪਿਆਰੀਆਂ ਨੀ। 29

ਸ਼ਾਹ ਮੁਹੰਮਦ ਨੇ ਪੰਜਾਬੀ ਲੋਕ ਜੀਵਨ ਦੇ ਮੁੱਖ ਅੰਗ ਵਜੋਂ ਜਾਣੇ ਜਾਂਦੇ ਹੋਰ ਪੱਖਾਂ ਜਿਵੇਂ ਪੰਜਾਬ ਦੇ ਵੱਖ-ਵੱਖ ਰੀਤੀ ਰਿਵਾਜਾਂ ਅਤੇ ਲੋਕ ਭਰਮਾਂ ਨੂੰ ਵੀ ਚਿੱਤਰਣ ਦਾ ਯਤਨ ਕੀਤਾ ਹੈ। ਉਦਾਹਰਨ ਦੇ ਤੌਰ’ਤੇ ਇਸ ਜੰਗਨਾਮੇ ਵਿਚ ਮ੍ਰਿਤਕ ਸਰੀਰ ਨੂੰ ਸਾੜਨ, ਧਰਮ ਰਾਜ, ਵੈਣ ਪਾਉਣ, ਜਮਦੂਤ ਆਦਿ ਦਾ ਜ਼ਿਕਰ ਸਾਨੂੰ ਜੰਗਨਾਮਾਕਾਰ ਦੀ ਲੋਕ ਜੀਵਨ ਬਾਰੇ ਭਰਪੂਰ ਜਾਣਕਾਰੀ ਸੰਬੰਧੀ ਪ੍ਰੀਚੈ ਦਿੰਦਾ ਹੈ :

ਖੜਕ ਸਿੰਘ ਮਹਾਰਾਜ ਨੂੰ ਚੁੱਕ ਲਿਆ,

ੇਖੋ ਸਾੜਨੇ ਨੂੰ ਹੁਣ ਲੈ ਚੱਲੇ।

ਰਮ ਰਾਜ ਨੂੰ ਜਦੋਂ ਇਹ ਖ਼ਬਰ ਹੋਈ,

ੌਰ ਮਾਰਨੇ ਨੂੰ ਉਸ ਦੂਤ ਘੱਲੇ।

ਾਰੋ-ਮਾਰ ਕਰਦੇ ਦੂਤ ਆਣ ਵੜੇ,

ਦੋਂ ਮੌਤ ਦੇ ਹੋਏ ਨੀ ਆਣ ਹੱਲੇ।

ਾਹ ਮੁਹੰਮਦਾ ਦੇਖ ਰਜ਼ਾਇ ਉਸਦੀ,

      ਧਮ ਸਿੰਘ ਤੇ ਕੌਰ ਦੇ ਸ੍ਵਾਸ ਚੱਲੇ। 9

ਸ਼ਾਹ ਮੁਹੰਮਦ ਪੰਜਾਬੀ ਸਭਿਆਚਾਰ ਦੇ ਇਕ ਹੋਰ ਪੱਖ , ਉਸ ਸਮੇਂ ਵਰਤੀ ਜਾਂਦੀ ਯੁੱਧ ਸਾਮੱਗਰੀ ਅਤੇ ਪੰਜਾਬੀਆਂ ਦੇ ਜੰਗ ਪ੍ਰਤੀ ਰਵੱਈਏ ਆਦਿ ਨੂੰ ਵੀ ਚਿੱਤਰਦਾ ਹੈ। ਹੇਠ ਲਿਖੀਆਂ ਸਤਰਾਂ ਇਸ ਗੱਲ ਨੂੰ ਸਪੱਸ਼ਟ ਕਰਦੀਆਂ ਹਨ :

ਵੱਜੀ ਤੁਰਮ ਤੰਬੂਰ ਕਰਨੈਲ ਸ਼ੁਤਰੀ,

ੰਬੂ ਬੈਰਕਾਂ ਨਾਲ ਨਿਸ਼ਾਨ ਮੀਆਂ।

ੋਤਲ ਬੱਘੀਆਂ ਪਾਲਕੀ ਤੋਪਖਾਨੇ,

      ੂਰਬੀਨ ਚੰਗੀ ਸਾਇਬਾਨ ਮੀਆਂ। 50

ਸ਼ਾਹ ਮੁਹੰਮਦ ਨੇ ਜਗੀਰੂ-ਸਮਾਜਿਕ ਪ੍ਰਬੰਧ ਵਿਚਲੇ ਔਰਤ ਦੇ ਮਹੱਤਵਪੂਰਨ ਪੱਖ ਨੂੰ ਪ੍ਰਸਤੁਤ ਕਰਨ ਦਾ ਯਤਨ ਕੀਤਾ ਹੈ। ਉਸ ਨੇ ਔਰਤ ਨੂੰ ਸਭ ਕਾਰਿਆਂ ਲਈ ਜ਼ੁੰਮੇਵਾਰ ਠਹਿਰਾਇਆ ਹੈ। ਇਹੋ ਕਾਰਨ ਹੈ ਕਿ ਸ਼ਾਹ ਮੁਹੰਮਦ ਔਰਤ ਨੂੰ ਕਾਰੇ ਹੱਥੀ , ਦੋ ਧਿਰਾਂ ਨੂੰ ਆਪਸ ਵਿਚ ਲੜਾਉਣ ਵਾਲੀ, ਸਮੁੱਚੇ ਰਾਜ ਦਾ ਸਰਵਨਾਸ਼ ਕਰਵਾਉਣ ਵਾਲੀ, ਚਲਿੱਤਰ ਹੱਥੀ, ਆਦਿ ਕਹਿੰਦਾ ਹੈ। ਉਹ ਭਾਰਤੀ ਇਤਿਹਾਸ-ਮਿਥਿਹਾਸ ਵਿਚੋਂ ਉਦਾਹਰਨਾਂ ਲੈ ਕੇ ਸਮੁੱਚੀ ਔਰਤ ਜ਼ਾਤ ਨੂੰ ਭੰਡਣ ਤੇ ਨਿੰਦਣ ਦਾ ਯਤਨ ਕਰਦਾ ਹੈ। ਹੇਠ ਲਿਖੀਆਂ ਸਤਰਾਂ ਵਿਚ ਉਹ ਰਾਣੀ ਜਿੰਦ ਕੌਰ ਰਾਹੀਂ ਸਮੁੱਚੀ ਔਰਤ ਜ਼ਾਤ ਨੂੰ ਭੰਡਦਾ ਦ੍ਰਿਸ਼ਟੀਗੋਚਰ ਹੁੰਦਾ ਹੈ :

ਹੁੰਦੇ ਆਏ ਨੀ ਰੰਨਾਂ ਦੇ ਧੁਰੋਂ ਕਾਰੇ,

ੰਕਾ ਵਿਚ ਤਾਂ ਰਾਵਣ ਕੁਹਾਇ ਦਿੱਤਾ।

ੌਰਵ ਪਾਂਡਵਾਂ ਨਾਲ ਕੀ ਭਲਾ ਕੀਤਾ,

ਾਰਾਂ ਖੂਹਣੀਆਂ ਕਟਕ ਮੁਕਾਇ ਦਿੱਤਾ।

ਾਜੇ ਭੋਜ ਦੇ ਮ¨ਹ ਲਗਾਮ ਦਿੱਤੀ,

ਾਰ ਅੱਡੀਆਂ ਹੋਸ਼ ਭੁਲਾਇ ਦਿੱਤਾ।

ਾਹ ਮੁਹੰਮਦਾ ਇਸ ਰਾਣੀ ਜਿੰਦ ਕੌਰਾਂ,

      ਾਰੇ ਦੇਸ਼ ਦਾ ਫ਼ਰਸ਼ ਉਠਾਇ ਦਿੱਤਾ। 102

ਔਰਤ ਦੀ ਦਸ਼ਾ ਤੋਂ ਇਲਾਵਾ ਸ਼ਾਹ ਮੁਹੰਮਦ ਆਪਣੇ ਸਮੇਂ ਦੀ ਸਮਾਜਿਕ-ਸਭਿਆਚਾਰਕ ਪ੍ਰਣਾਲੀ ਵਿਚਲੀ ਸ਼ਰੀਕਾਦਾਰੀ ਦੀ ਭਾਵਨਾ ਨੂੰ ਪ੍ਰਸਤੁਤ ਕਰਨ ਦਾ ਯਤਨ ਕਰਦਾ ਹੈ। ਉਹ ਕਹਿਣਾ ਚਾਹੁੰਦਾ ਹੈ ਕਿ ਉਸ ਸਮੇਂ ਸ਼ਰੀਕੇ ਦੇ ਲੋਕਾਂ ਵਿਚਲਾ ਵਿਰੋਧ ਕਾਫ਼ੀ ਜ਼ਿਆਦਾ ਸੀ। ਉਦਾਹਰਨ ਦੇ ਤੌਰ’ਤੇ ਜਦੋਂ ਰਾਜਾ ਧਿਆਨ ਸਿੰਘ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਇਸ ਤੋਂ ਬਾਅਦ ਉਸ ਦੇ ਪੁੱਤਰ ਹੀਰਾ ਸਿੰਘ ਨੂ਼ੰ ਵਜ਼ੀਰ ਬਣਾਇਆ ਜਾਂਦਾ ਹੈ। ਪੰਜਾਬ ਦਾ ਮਹਾਰਾਜਾ ਨਾਬਾਲਗ ਦਲੀਪ ਸਿੰਘ ਬਣਦਾ ਹੈ। ਇਸ ਸਭ ਕਾਸੇ ਨੂੰ ਵੇਖਦੇ ਹੋਏ ਹੀਰਾ ਸਿੰਘ ਦੇ ਸ਼ਰੀਕੇ ਵਾਲੇ (ਵਿਰੋਧੀ) ਉਸ ਦੇ ਚਾਚੇ ਨੂੰ ਚਿੱਠੀ ਲਿਖਦੇ ਹਨ ਕਿ ਜੇ ਉਹ ਲਾਹੌਰ ਪਹੁੰਚ ਜਾਵੇ ਤਾਂ ਉਸ ਨੂੰ ਵਜ਼ੀਰ ਬਣਾ ਦਿੱਤਾ ਜਾਵੇਗਾ। ਹੀਰਾ ਸਿੰਘ ਬੇਸ਼ਕ ਉਸ ਦਾ ਭਤੀਜਾ ਲੱਗਦਾ ਹੈ ਪਰ ਜੇਕਰ ਰਾਜਾ ਸੁਚੇਤ ਸਿੰਘ ਰਾਜਗੱਦੀ ਉੱਪਰ ਬੈਠਦਾ ਹੈ ਤਾਂ ਉਹ ਚਾਚੇ ਭਤੀਜੇ ਦੀ ਸਾਕਾਦਾਰੀ ਨੂੰ ਤਜ ਸਕਦਾ ਹੈ। ਹੇਠ ਲਿਖੇ ਸ਼ਬਦਾਂ ਵਿਚ ਲੋਕ ਜੀਵਨ ਵਿਚਲੀ ਸ਼ਰੀਕੇਦਾਰੀ ਦੀ ਭਾਵਨਾ ਨੂੰ ਪ੍ਰਗਟ ਕਰਨ ਵਾਲੇ ਪੱਖ ਵੱਲ ਇਸ਼ਾਰਾ ਕੀਤਾ ਗਿਆ ਹੈ :

ਸਿੰਘਾਂ ਲਿਖਿਆ ਖ਼ਤ ਸੁਚੇਤ ਸਿੰਘ ਨੂੰ,

ੁਰਾ ਕਰਨ ਹਾਰਾ ਜੱਲ੍ਹਾ ਠੀਕ ਦਾ ਈ।

ਲਦੀ ਪਹੁੰਚ ਵਜ਼ੀਰ ਬਣਾ ਲਈਏ,

ੈਨੂੰ ਖ਼ਾਲਸਾ ਪਿਆ ਉਡੀਕਦਾ ਈ।

ਕਸਰ ਰਾਜ ਪਿਆਰੇ ਨੀ ਰਾਜਿਆਂ ਨੂੰ,

ੀਰਾ ਸਿੰਘ ਤਾਂ ਪੁੱਤਰ ਸ਼ਰੀਕ ਦਾ ਈ।

ਾਹ ਮੁਹੰਮਦਾ ਜੱਲ੍ਹੇ ਦਾ ਨੱਕ ਵੱਢੋ,

      ੱਜ ਜਾਇਗਾ ਮਾਰਿਆ ਲੀਕ ਦਾ ਈ। 33

ਸ਼ਾਹ ਮੁਹੰਮਦ ਪੰਜਾਬੀ ਕਿਰਦਾਰ ਨੂੰ ਪੇਸ਼ ਕਰਦਾ ਹੋਇਆ ਦੱਸਣਾ ਚਾਹੁੰਦਾ ਹੈ ਕਿ ਤਤਕਾਲੀਨ ਪੰਜਾਬ ਦੀ ਕਿਰਸਾਣੀ ਬਹੁਤ ਸਾਰੇ ਸੰਕਟਾਂ ਵਿਚ ਫਸ ਜਾਣ ਤੋਂ ਬਾਅਦ ਵੀ ਆਪਣੀ ਇੱਜ਼ਤ ਭਾਵ ਪੱਗ ਅਤੇ ਦਾਹੜੀ ਨੂੰ ਲਾਜ ਨਹੀਂ ਸੀ ਲੱਗਣ ਦੇਣਾ ਚਾਹੁੰਦੀ। ਪੰਜਾਬੀ ਕਿਰਸਾਣੀ ਨੂੰ ਆਪਣੇ ਨਾਲੋਂ ਇੱਜ਼ਤ ਵੱਧ ਪਿਆਰੀ ਹੈ ਅਤੇ ਇਹ ਦੱਬ ਕੇ ਵਾਹੁਣ ਅਤੇ ਰੱਜ ਕੇ ਖਾਣ ਵਿਚ ਵਿਸ਼ਵਾਸ ਰੱਖਦੀ ਹੈ। ਪੰਜਾਬੀ ਕਿਰਸਾਣੀ ਦੇ ਅਜਿਹੇ ਕਿਰਦਾਰ ਬਾਰੇ ਸ਼ਾਹ ਮੁਹੰਮਦ ਦੇ ਵਿਚਾਰ ਹਨ :

ਵਾਹੀ ਕਰਦੇ ਤੇ ਰੋਟੀਆਂ ਖੂਬ ਖਾਂਦੇ,

ਸੀਂ ਕਿਨ੍ਹਾਂ ਦੇ ਹਾਂ ਪੁੱਤ ਪੋਤਰੇ ਜੀ।

ਾਹ ਮੁਹੰਮਦਾ ਖੂਹਾਂ ਤੇ ਮਿਲਖ ਵਾਲੇ,

      ਸੀਂ ਦੱਬ ਕੇ ਲਾਵਾਂਗੇ ਜੋਤਰੇ ਜੀ। 77

ਹੇਠ ਲਿਖੇ ਬੰਦ ਵਿਚ ਪੰਜਾਬੀਆਂ ਦੇ ਬਹਾਦਰੀ ਵਾਲੇ ਕਿਰਦਾਰ ਦੀ ਇਕ ਹੋਰ ਖ਼ੂਬਸੂਰਤ ਉਦਾਹਰਨ ਪੇਸ਼ ਕੀਤੀ ਜਾ ਰਹੀ ਹੈ, ਜਿਸ ਤੋਂ ਪਤਾ ਚਲਦਾ ਹੇੈ ਕਿ ਪੰਜਾਬੀ ਅਨੇਕਾਂ ਕਿਲ੍ਹਿਆਂ ਦੇ ਵਿਜੇਤਾ ਅਤੇ ਸੂਰਵੀਰ ਯੋਧੇ ਸਨ :

ਝੰਡੇ ਨਿਕਲੇ ਕੂਚ ਦਾ ਹੁਕਮ ਹੋਇਆ,

ੜ੍ਹੇ ਸੂਰਮੇ ਸਿੰਘ ਦਲੇਰ ਮੀਆਂ।

ੜ੍ਹੇ ਪੁੱਤ ਸਰਦਾਰਾਂ ਦੇ ਛੈਲ ਬਾਂਕੇ,

ੈਸੇ ਬੇਲਿਓਂ ਨਿਕਲਦੇ ਸ਼ੇਰ ਮੀਆਂ।

ੜ੍ਹੇ ਸਭ ਮਝੈਲ, ਦੁਆਬੀਏ ਜੀ,

ਜਿਨ੍ਹਾਂ ਕਿਲ੍ਹੇ ਨਿਵਾਏ ਨੇ ਢੇਰ ਮੀਆਂ।

ਾਹ ਮੁਹੰਮਦਾ ਚੜ੍ਹੇ ਜਮੂਰ-ਖ਼ਾਨੇ,

      ੋਇਆ ਹੁਕਮ ਨਾ ਲਾਂਵਦੇ ਦੇਰ ਮੀਆਂ। 58

ਸ਼ਾਹ ਮੁਹੰਮਦ ਪੰਜਾਬੀ ਸਭਿਆਚਾਰ ਨੂੰ ਪੇਸ਼ ਕਰਦਾ ਹੋਇਆ ਅੰਗਰੇਜ਼ਾਂ ਨੂੰ ਤੀਸਰੀ ਜ਼ਾਤ ਕਹਿ ਕੇ ਨਕਾਰਦਾ ਹੈ। ਉਸ ਨੂੰ ਡਰ ਹੈ ਕਿ ਅੰਗਰੇਜ਼ਾਂ ਦੇ ਆਉਣ ਨਾਲ ਪੰਜਾਬ ਦਾ ਸਾਂਝਾ ਸਭਿਆਚਾਰ ਖ਼ਤਮ ਹੋ ਜਾਵੇਗਾ। ਇਹੋ ਕਾਰਨ ਹੈ ਕਿ ਉਹ ਕੇਵਲ ਸਮਾਜਿਕ ਰਹਿਣੀ-ਬਹਿਣੀ ਵਿਚ ਹੀ ਨਹੀਂ ਬਲਕਿ ਫ਼ੌਜ ਵਿਚ ਵੀ ਹਿੰਦੂਆਂ, ਸਿੱਖਾਂ, ਮੁਸਲਮਾਨਾਂ ਦੀ ਸਾਂਝ ਨੂੰ ਪ੍ਰਗਟ ਕਰਦਾ ਹੈ। ਹੇਠ ਲਿਖੇ ਬੰਦ ਵਿਚ ਉਹ ਫ਼ੌਜ ਵਿਚਲੀ ਧਰਮ-ਨਿਰਪੱਖਤਾ ਨੂੰ ਵੀ ਪ੍ਰਗਟ ਕਰਦਾ ਹੋਇਆ ਲਿਖਦਾ ਹੈ :

ਆਈਆਂ ਪਲਟਨਾਂ ਬੀੜ ਕੇ ਤੋਪਖਾਨੇ,

ੱਗੋਂ ਸਿੰਘਾਂ ਨੇ ਪਾਸੇ ਤੋੜ ਸੁੱਟੇ।

ੇਵਾ ਸਿੰਘ ਤੇ ਮਾਘੇ ਖਾਂ ਹੋਏ ਸਿੱਧੇ,

ੱਲੇ ਤਿੰਨ ਫ਼ਰੰਗੀ ਦੇ ਮੋੜ ਸੁੱਟੇ।

ਾਮ ਸਿੰਘ ਸਰਦਾਰ ਅਟਾਰੀ ਵਾਲੇ,

ੰਨ ਸ਼ਸਤ੍ਰੀਂ ਜੋੜ ਵਿਛੋੜ ਸੁੱਟੇ।

ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,

      ਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। 90

ਆਪਣੀ ਮੱਧਯੁਗੀ ਸਮਾਜਿਕ-ਸਭਿਆਚਾਰਕ ਸੋਚ ਦੇ ਪ੍ਰਭਾਵ ਅਧੀਨ ਸ਼ਾਹ ਮੁਹੰਮਦ ਇਤਿਹਾਸਿਕ ਘਟਨਾਕ੍ਰਮ ਨੂੰ ਸਹੀ ਤੇ ਯਥਾਰਥ ਰੂਪ ਵਿਚ ਚਿੱਤਰਦਿਆਂ, ਉਨ੍ਹਾਂ ਦੇ ਕਾਰਨਾਂ ਅਤੇ ਸਿੱਟਿਆਂ ਨੂੰ ਹੋਣੀ ਦੇ ਵੱਸ ਕਰ ਦਿੰਦਾ ਹੈ।ਅਜਿਹੀ ਸੋਚ ਸਦਕਾ ਹੀ ਉਹ ਵੱਖ-ਵੱਖ ਘਟਨਾਵਾਂ ਨੂੰ ਅਲੌਕਿਕ ਸੱਤਾ ਅਧੀਨ ਕਰ ਦਿੰਦਾ ਹੈ। ਇਸ ਗੱਲ ਦੀ ਪੁਸ਼ਟੀ ਉਸ ਦੀਆਂ ਹੇਠ ਲਿਖੀਆਂ ਸਤਰਾਂ ਤੋਂ ਹੋ ਜਾਂਦੀ ਹੈ :

(ੳ) ਅੱਵਲ ਹਮਦ ਜਨਾਬ ਅੱਲਾਹ ਦੀ ਨੂੰ,

       ਜਿਹੜਾ ਕੁਦਰਤੀ ਖੇਲ ਬਣਾਂਵਦਾ ਈ।

       ਚੌਦਾਂ ਤਬਕਾਂ ਦਾ ਨਕਸ਼ੋ ਨਿਗ਼ਾਰ ਕਰਕੇ,

       ਰੰਗ-ਰੰਗ ਦੇ ਬਾਗ਼ ਲਗਾਂਵਦਾ ਈ।

       ਸਫ਼ਾਂ ਪਿਛਲੀਆਂ ਸਭ ਲਪੇਟ ਲੈਂਦਾ,

       ਅੱਗੋਂ ਹੋਰ ਹੀ ਹੋਰ ਵਛਾਂਵਦਾ ਈ।

       ਸ਼ਾਹ ਮੁਹੰਮਦਾ ਉਸ ਤੋਂ ਸਦਾ ਡਰੀਏ,

       ਬਾਦਸ਼ਾਹਾਂ ਤੋਂ ਭੀਖ ਮੰਗਾਂਵਦਾ ਈ। 1

(ਅ) ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ,

       ਵਾਜੇ ਕੂੜ ਦੇ ਕਈ ਵਜਾਏ ਗਏ। 4

(ੲ) ਸੱਚੇ ਸਾਹਿਬ ਦੇ ਹੱਥ ਨੀ ਸਭ ਗੱਲਾਂ,

     ਕਿਸੇ ਹਾਰ ਦੇਵੇ ਕਿਸੇ ਜੇਤ ਮੀਆਂ। 55      

ਆਪਣੀ ਮੱਧਯੁਗੀ ਸਮਾਜਿਕ-ਸਭਿਆਚਾਰਕ ਚੇਤਨਾ ਸਦਕਾ ਹੀ ਸ਼ਾਹ ਮੁਹੰਮਦ ਇਸ ਦੁਨੀਆਂ ਦੀ ਨਾਸ਼ਮਾਨਤਾ ਦੀ ਗੱਲ ਕਰਦਾ ਹੋਇਆ ਇਸ ਨੂੰ ਅਸਥਿਰ ਆਖਦਾ ਹੈ। ਉਸ ਅਨੁਸਾਰ ਧਨ-ਦੌਲਤ, ਰਾਜ-ਭਾਗ, ਰੰਗ-ਰੂਪ ਆਦਿ ਸਭ ਕੁਝ ਨਾਸ਼ਵਾਨ ਹੈ ਅਤੇ ਇਕ ਦਿਨ ਇਸ ਨੇ ਖ਼ਤਮ ਹੋ ਜਾਣਾ ਹੈ। ਇਸ ਕਰਕੇ ਇਸ ਨਾਸ਼ਵਾਨ ਦੁਨੀਆਂ ਨਾਲ ਮੋਹ ਨਹੀਂ ਪਾਉਣਾ ਚਾਹੀਦਾ। ਆਪਣੀ ਸਾਮੰਤੀ ਸੋਚ ਸਦਕਾ ਹੀ ਉਹ ਪਾਠਕਾਂ ਨੂੰ ਇਸ ਦੁਨੀਆਂ ਦੇ ਮੋਹ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੰਦਾ ਹੋਇਆ ਲਿਖਦਾ ਹੈ :

ਏਥੇ ਆਇਆਂ ਨੂੰ ਦੁਨੀਆਂ ਮੋਹ ਲੈਂਦੀ,

ਗ਼ੇਬਾਜ਼ ਦਾ ਧਾਰ ਕੇ ਭੇਸ ਮੀਆ।

ਦਾ ਨਹੀਂ ਜਵਾਨੀ ਤੇ ਐਸ਼ ਮਾਪੇ,

ਦਾ ਨਹੀਂ ਜੇ ਬਾਲ ਵਰੇਸ ਮੀਆਂ।

ਦਾ ਨਹੀਂ ਜੇ ਦੌਲਤਾਂ ਫੀਲ ਘੋੜੇ,

ਦਾ ਨਹੀਂ ਜੇ ਰਾਜਿਆਂ ਦੇਸ ਮੀਆਂ।

ਾਹ ਮੁਹੰਮਦਾ ਸਦਾ ਨਾ ਰੂਪ ਦੁਨੀਆਂ,

      ਦਾ ਰਹਿਣ ਨਾ ਕਾਲੜੇ ਕੇਸ ਮੀਆਂ। 2

ਸ਼ਾਹ ਮੁਹੰਮਦ ਨੇ ਭਾਵੇਂ ਪੰਜਾਬ ਦੇ ਸੰਕਟ ਦਾ ਕਾਰਨ ਰਾਣੀ ਜਿੰਦ ਕੌਰ ਦੁਆਰਾ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਦੀ ਭਾਵਨਾ ਨੂੰ ਦੱਸਿਆ ਹੈ ਪਰ ਮੁੱਖ ਤੌਰ’ਤੇ ਉਹ ਇਹਨਾਂ ਸਭ ਸੰਕਟਾਂ ਦਾ ਕਾਰਨ ਪਰਾਸਰੀਰਿਕ ਸ਼ਕਤੀਆਂ ਨੂੰ ਮੰਨਦਾ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਮੱਧਯੁਗੀ ਸਮਾਜਿਕ-ਸਭਿਆਚਾਰਕ ਚੇਤਨ ਤੇ ਅਵਚੇਤਨ ਦਾ ਅਸਰ ਉਸ ਉੱਪਰ ਬਹੁਤ ਜ਼ਿਆਦਾ ਸੀ। ਇਹੋ ਕਾਰਨ ਹੈ ਕਿ ਸ਼ਾਹ ਮੁਹੰਮਦ ਮੌਤ ਦਾ ਮਾਨਵੀਕਰਨ ਕਰਦਿਆਂ ਰੱਬ ਜਾਂ ਪ੍ਰਮਾਤਮਾ ਨੂੰ ਹਰ ਸਥਾਨ’ਤੇ ਹਾਜ਼ਰ-ਨਾਜ਼ਰ ਤੇ ਕਿਰਿਆਸ਼ੀਲ ਸਮਝਦਾ ਹੋਇਆ ਉਸ ਦੀ ਸਿਫ਼ਤ-ਸਲਾਹ ਕਰਦਾ ਹੈ। ਅਜਿਹੀ ਮੱਧਯੁਗੀ ਚੇਤਨਾ ਸਦਕਾ ਉਸ ਦਾ ਵਿਚਾਰ ਬਣਦਾ ਹੈ ਕਿ ਪਰਮਾਤਮਾ ਵਿਚ ਏਨੀ ਸ਼ਕਤੀ ਹੈ ਕਿ ਉਹ ਰਾਜਿਆਂ ਤੇ ਮਹਾਰਾਜਿਆਂ ਦੀਆਂ ਸਫ਼ਾਂ ਵਲੇਟ ਸਕਦਾ ਹੈ। ਜੰਗਨਾਮਾਕਾਰ ਅਨੁਸਾਰ ਪ੍ਰਮਾਤਮਾ ਕੋਲ ਏਨੀ ਤਾਕਤ ਹੈ ਕਿ ਉਹ ਰਾਜਿਆਂ ਨੂੰ ਕੰਗਾਲ ਕਰ ਕੇ ਉਨ੍ਹਾਂ ਕੋਲੋਂ ਭੀਖ ਵੀ ਮੰਗਵਾ ਸਕਦਾ ਹੈ। ਇਸ ਤਰ੍ਹਾਂ ਉਹ ਪ੍ਰਮਾਤਮਾ ਦੇ ਭਾਣੇ ਨੂੰ ਮੰਨਦਾ ਹੋਇਆ ਆਪਣੇ ਪਾਠਕਾਂ ਅਤੇ ਸ੍ਰੋਤਿਆਂ ਨੂੰ ਜੰਗਨਾਮੇ ਵਿਚ ਵਾਪਰਨ ਵਾਲੀਆਂ ਸੰਕਟਮਈ ਘਟਨਾਵਾਂ ਲਈ ਤਿਆਰ ਕਰ ਲੈਂਦਾ ਹੈ। ਜੰਗਨਾਮਾਕਾਰ ਅਜਿਹਾ ਕਰਕੇ ਰਾਜਪਲਟਿਆਂ ਅਤੇ ਹੋਰ ਵਾਪਰਨ ਵਾਲੀਆਂ ਤਬਦੀਲੀਆਂ ਨੂੰ ਇਸ ਮਾਇਆਵਾਦੀ ਦੁਨੀਆਂ ਦੇ ਲਾਜ਼ਮੀ ਸਿੱਟੇ ਮੰਨਦਾ ਹੈ। ਇਉਂ ਸ਼ਾਹ ਮੁਹੰਮਦ ਮੱਧਯੁਗੀ ਲੋਕ ਮਨ ਅਤੇ ਲੋਕ ਚੇਤਨਾ ਨੂੰ ਬਹੁਤ ਹੀ ਨੇੜੇ ਤੋਂ ਪਕੜਨ ਦਾ ਯਤਨ ਕਰਦਾ ਹੈ। ਇਹੋ ਕਾਰਨ ਹੈ ਕਿ ਜੰਗਨਾਮੇ ਦੇ ਅੰਤ ਵਿਚ ਉਹ ਜੰਗ ਖ਼ਤਮ ਹੋਣ ਤੋਂ ਬਾਅਦ ਸੰਸਾਰ ਦੀ ਨਾਸ਼ਮਾਨਤਾ ਦੇ ਸਾਹਮਣੇ ਮਨੁੱਖ ਦੀ ਹੋਣੀ ਤੇ ਮਜਬੂਰੀ ਨੂੰ ਬਿਆਨ ਕਰਦਾ ਹੈ। ਆਪਣੀ ਮੱਧਯੁਗੀ ਚੇਤਨਾ ਸਦਕਾ ਹੀ ਸ਼ਾਹ ਮੁਹੰਮਦ ਜੰਗਨਾਮੇ ਦੇ ਅਖ਼ੀਰ ਵਿਚ ਜੰਗ ਨੂੰ ਹੋਣੀ ਦੇ ਸਿਰ ਮੜ੍ਹ ਦਿੰਦਾ ਹੈ। ਉਦਾਹਰਨ ਦੇ ਤੌਰ’ਤੇ ਹੇਠ ਲਿਖੀਆਂ ਸਤਰਾਂ ਵੇਖੀਆਂ ਜਾ ਸਕਦੀਆਂ ਹਨ, ਜਿੰਨ੍ਹਾਂ ਵਿਚ ਕਵੀ ਜੰਗ ਦੇ ਪਰਾਸਰੀਰਿਕ ਕਾਰਨਾਂ ਵੱਲ ਇਸ਼ਾਰਾ ਕਰਦਾ ਹੈ :

ਜਿਹੜੀ ਹੋਈ ਸੋ ਲਈ ਹੈ ਵੇਖ ਅੱਖੀਂ,

ੱਗੇ ਹੋਰ ਕੀ ਬਣਤ ਬਣਾਵਣੀ ਜੀ।

ਘੜੀ ਦੀ ਕੁਝ ਉਮੈਦ ਨਾਹੀਂ,

ਕਿਸੇ ਲਈ ਹਾੜੀ ਕਿਸੇ ਸਾਵਣੀ ਜੀ।

ਨਿੱਕੇ ਪੋਚ ਹੁਣ ਬੈਠ ਕੇ ਕਰਨ ਗੱਲਾਂ,

ਸਾਂ ਡਿੱਠੀ ਫ਼ਰੰਗੀ ਦੀ ਛਾਵਣੀ ਜੀ।

ਾਹ ਮੁਹੰਮਦਾ ਨਹੀਂ ਮਾਲੂਮ ਸਾਨੂੰ,

      ੱਗੇ ਹੋਰ ਕੀ ਖੇਡ ਖਿਡਾਵਣੀ ਜੀ। 104

      ਉਪਰੋਕਤ ਅਧਿਐਨ ਤੋਂ ਸਪੱਸ਼ਟ ਹੈ ਕਿ ਸ਼ਾਹ ਮੁਹੰਮਦ ਦੇ ਜੰਗਨਾਮੇ ਦੀ ਸਮੁੱਚੀ ਸੁਰ ਲੋਕ-ਸਭਿਆਚਾਰ ਵਾਲੀ ਹੈ। ਇਸ ਜੰਗਨਾਮੇ ਦਾ ਮੂਲ ਸੁਭਾਅ ਬਿਰਤਾਂਤਕ ਹੋਣ ਕਰਕੇ ਇਸ ਵਿਚ ਲੋਕ ਜੀਵਨ ਅਤੇ ਲੋਕ ਚੇਤਨ ਤੇ ਅਵਚੇਤਨ ਦਾ ਭਰਵਾਂ ਚਿੱਤਰ ਪੇਸ਼ ਹੋਇਆ ਹੈ। ਘਟਨਾਵਾਂ ਦਾ ਕ੍ਰਮ-ਪ੍ਰਬੰਧ ਇਸ ਦੀ ਏਕਤਾ ਨੂੰ ਨਿਸ਼ਚਿਤ ਕਰਦਾ ਹੈ। ਸ਼ਾਹ ਮੁਹੰਮਦ ਦੁਆਰਾ ਵਰਤੀ ਗਈ ਭਾਸ਼ਾ ਵੀ ਲੋਕ ਭਾਸ਼ਾ ਦੇ ਬਹੁਤ ਨੇੜੇ ਹੈ ਅਤੇ ਇਹ ਲੋਕ-ਵਿਹਾਰ ਦੀ ਛੁਹ ਵਾਲੀ ਹੈ। ਉਸ ਨੇ ਕਈ ਪ੍ਰਚਲਿਤ ਤੁਕਾਂ, ਮੁਹਾਵਰਿਆਂ ਅਤੇ ਅਖਾਣਾਂ ਨੂੰ ਬੜੀ ਖ਼ੂਬਸੂਰਤੀ ਨਾਲ ਆਪਣੇ ਜੰਗਨਾਮੇ ਵਿਚ ਵਰਤਿਆ ਹੈ। ਇਸ ਵਿਚਲਾ ਸੰਬੋਧਨ ਵੀ ਲੋਕ-ਵਿਹਾਰਕ ਸੰਬੋਧਨ ਹੈ ਜੋ ਨਿਰੋਲ ਸਹਿਜ-ਸੁਭਾਵਿਕ ਅਤੇ ਆਮ ਜੀਵਨ ਵਾਲਾ ਹੈ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਜੰਗਨਾਮੇ ਵਿਚ ਪੰਜਾਬੀ ਸਭਿਆਚਾਰ ਦੇ ਵਿਭਿੰਨ ਪੱਖਾਂ ਨੂੰ ਕਾਵਿਕ-ਰੂਪਾਂਤਰਨ ਰਾਹੀਂ ਬੜੇ ਹੀ ਕਲਾਤਮਕ ਤਰੀਕੇ ਅਨੁਸਾਰ ਪੇਸ਼ ਕੀਤਾ ਗਿਆ ਹੈ। ਭਾਵੇਂ “ਸ਼ਾਹ ਮੁਹੰਮਦ ਨੇ ਪੰਜਾਬ-ਰਾਜ ਕਾਲ ਦੀ ਕਿਸੇ ਖੇਡ ਵੱਲ ਸੰਕੇਤ ਨਹੀਂ ਕੀਤਾ ਤੇ ਨਾ ਕਿਸੇ ਕਲਾ ਕ੍ਰਿਤ ਵੱਲ ਹੀ ਸੰਕੇਤ ਕੀਤਾ ਹੈ। ਪੰਜਾਬ ਦੇ ਲੋਕ ਜੀਵਨ ਵਿਚਲੀਆਂ ਅਨੇਕ ਰੀਤਾਂ, ਵਹਿਮਾਂ, ਭਰਮਾਂ, ਮੇਲਿਆਂ, ਮੁਸਾਹਬਿਆਂ, ਪੁਰਬਾਂ ਤੇ ਤਿਉਹਾਰਾਂ ਨੇ ਵੀ ਸ਼ਾਹ ਮੁਹੰਮਦ ਦਾ ਧਿਆਨ ਨਹੀਂ ਖਿਚਿਆ।”4 ਪਰ ਇਸ ਦੇ ਬਾਵਜੂਦ ਸ਼ਾਹ ਮੁਹੰਮਦ ਦੁਆਰਾ ਰਚਿਤ ਜੰਗਨਾਮੇ ਵਿਚ ਆਪਣੇ ਸਮੇਂ ਦੇ ਸਭਿਆਚਾਰਕ ਜੀਵਨ ਦੇ ਅਨੇਕਾਂ ਪੱਖਾਂ ਨੂੰ ਬਾਖ਼ੂਬੀ ਚਿਤਰਿਆ ਗਿਆ ਹੈ, ਜਿਨ੍ਹਾਂ ਦੀ ਚਰਚਾ ਅਸੀਂ ਉੱਪਰ ਕਰ ਆਏ ਹਾਂ। ਉਸ ਦੀ ਕਾਵਿ-ਕਲਪਨਾਂ ਦੀਆਂ ਅਨੇਕ ਦਿਸ਼ਾਵਾਂ ਦੀ ਪੂਰਤੀ ਪੰਜਾਬੀ ਸਭਿਆਚਾਰ ਦੇ ਅਨੇਕ ਪੱਖਾਂ ਰਾਹੀਂ ਹੋਈ ਹੈ। ਅਜਿਹਾ ਕਰਕੇ ਸ਼ਾਹ ਮੁਹੰਮਦ ਮੱਧਕਾਲੀਨ ਪੰਜਾਬ ਦੀ ਰਹਿਣੀ-ਬਹਿਣੀ ਤੇ ਇਸ ਦੇ ਸਭਿਆਚਾਰਕ ਪੱਖ ਨੂੰ ਆਪਣੇ ਜੰਗਨਾਮੇ ਵਿਚ ਉਭਾਰਨ ਦਾ ਯਤਨ ਕਰਦਾ ਹੈ। ਮੱਧਕਾਲੀਨ ਪੰਜਾਬੀ ਸਭਿਆਚਾਰ ਬੁਨਿਆਦੀ ਤੌਰ’ਤੇ ਆਸਤਿਕ ਸਭਿਆਚਾਰ ਹੈ ਅਤੇ ਇਸ ਆਸਤਿਕ ਸਭਿਆਚਾਰ ਦੀ ਪੇਸ਼ਕਾਰੀ ਕਰਦਾ ਹੋਇਆ ਸ਼ਾਹ ਮੁਹੰਮਦ ਦਾ ਕਾਵਿ ਵੀ ਆਸਤਿਕ ਹੋ ਜਾਂਦਾ ਹੈ। ਉਹ ਮਿੱਥ ਸਿਰਜਣਾ, ਮਿੱਥਕੀ-ਵਿਧੀ ਅਤੇ ਸ਼ੈਲੀ ਦੁਆਰਾ ਪੁਰਾਤਨ ਮਿੱਥਾਂ ਤੇ ਲੋਕ-ਰੂੜ੍ਹੀਆਂ ਨੂੰ ਨਵੀਨ ਕਾਵਿ-ਰੂਪਾਂਤਰਨ’ਚ ਢਾਲਦਾ ਦ੍ਰਿਸ਼ਟੀਗੋਚਰ ਹੁੰਦਾ ਹੈ। ਇਸ ਉਦੇਸ਼ ਹਿਤ ਉਹ ਲੋਕ-ਵਿਸ਼ਵਾਸਾਂ, ਲੋਕ-ਕਾਵਿ ਰੂਪਾਂ, ਲੋਕ-ਉਚਾਰਨਾਂ ਆਦਿ ਦਾ ਕਾਵਿਕ ਰੂਪਾਂਤਰਨ ਕਰਦਾ ਹੈ। ਇਸ ਤਰ੍ਹਾਂ ਇਸ ਜੰਗਨਾਮੇ ਵਿਚ ਪੰਜਾਬੀ ਸਭਿਆਚਾਰ ਸਹਿਜ ਰੂਪ ਵਿਚ ਪੇਸ਼ ਹੋਇਆ ਪ੍ਰਤੀਤ ਹੁੰਦਾ ਹੈ।

ਹਵਾਲੇ ਤੇ ਟਿਪਣੀਆਂ

1.   ਡਾ. ਗੁਰਦੇਵ ਸਿੰਘ, ਜੰਗਨਾਮਾ, ਸਰੂਪ, ਸਿਧਾਂਤ ਤੇ ਵਿਕਾਸ, ਪੰਨਾ-203

2.   ਪ੍ਰੋ. ਕਿਸ਼ਨ ਸਿੰਘ, ਸਿੱਖ ਲਹਿਰ, ਪੰਨਾ-199

3.   ਡਾ. ਅਮਰੀਕ ਸਿੰਘ ਪੂਨੀ, ਜੰਗ ਸਿੰਘਾਂ ਤੇ ਅੰਗਰੇਜ਼ਾਂ, ਪੰਨਾ 9

4.   ਗੁਰਦੇਵ ਸਿੰਘ, -ਉਹੀ-, ਪੰਨਾ 217

 


ਲੇਖਕ : ਭੀਮ ਇੰਦਰ ਸਿੰਘ,
ਸਰੋਤ : ਸ਼ਾਹ ਮੁਹੰਮਦ ਜੀਵਨ ਤੇ ਰਚਨਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2823, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-03-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.